Sanjha Morcha

ਉੱਤਰਾਖੰਡ ’ਚ ਮੀਂਹਾਂ ਕਾਰਨ ਮੌਤਾਂ ਦੀ ਗਿਣਤੀ 35 ਹੋਈ

Posted On July – 2 – 2016

ਦੇਹਰਾਦੂਨ/ਈਟਾਨਗਰ, 2 ਜੁਲਾਈ

ਪਿਥੌਰਾਗੜ੍ਹ ’ਚ ਫ਼ੌਜੀ ਡਿੱਗੇ ਹੋਏ ਮਕਾਨ ਦੇ ਮਲਬੇ ’ਚੋਂ ਲੋਕਾਂ ਦੀ ਭਾਲ ਕਰਦੇ ਹੋਏ। -ਫੋਟੋ: ਪੀਟੀਆਈ

ਉੱਤਰਾਖੰਡ ਵਿੱਚ ਮੀਂਹ ਆਫ਼ਤ ਬਣ ਕੇ ਵਰ੍ਹਿਆ ਹੈ ਅਤੇ ਅੱਜ ਦੋ ਹੋਰ ਲਾਸ਼ਾਂ ਮਿਲਣ ਬਾਅਦ ਮੌਤਾਂ ਦੀ ਗਿਣਤੀ 35 ਹੋ ਗਈ ਹੈ। ਇਸ ਤੋਂ ਇਲਾਵਾ ਸੂਬੇ ਭਰ ਵਿੱਚ 10 ਦਰਿਆ ਅਤੇ ਨਾਲਿਆਂ ਵਿੱਚ ਪਾਣੀ ਚੜ੍ਹ ਗਿਆ ਹੈ। ਢਿੱਗਾਂ ਡਿੱਗਣ ਕਾਰਨ ਕਈ ਰਸਤਿਆਂ ’ਤੇ ਆਵਾਜਾਈ ਵਿੱਚ ਵਿਘਨ ਪਿਆ ਹੈ। ਇਸ ਦੌਰਾਨ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਪੰਜ ਹੋਰ ਲਾਸ਼ਾਂ ਮਿਲਣ ਬਾਅਦ ਢਿੱਗਾਂ ਹੇਠ ਦੱਬ ਕੇ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ।  ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹ ’ਚ 26 ਅਤੇ ਚਮੋਲੀ ਜ਼ਿਲ੍ਹੇ ਵਿੱਚ 9 ਵਿਅਕਤੀ ਬੱਦਲ ਫਟਣ ਕਾਰਨ ਮਾਰੇ ਗਏ ਜਦੋਂ ਿਕ 15 ਲੋਕ ਹਾਲੇ ਵੀ ਲਾਪਤਾ ਹਨ । ਮੌਸਮ ਵਿਭਾਗ ਨੇ ਨੈਨੀਤਾਲ, ਊਧਮ ਸਿੰਘ ਨਗਰ ਅਤੇ ਚੰਪਾਵਤ ਜ਼ਿਲ੍ਹਿਆਂ ਸਮੇਤ ਹੋਰ ਥਾਈਂ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਅਗਲੇ 48 ਘੰਟੇ ਉੱਤਰਾਖੰਡ ਲਈ ਬੇਹੱਦ ਅਹਿਮ ਹਨ, ਜਿਥੇ ਤਿੰਨ ਸਾਲ ਪਹਿਲਾਂ ਆਏ ਹੜ੍ਹਾਂ ਕਾਰਨ ਛੇ ਹਜ਼ਾਰ ਲੋਕ ਮਾਰੇ ਗਏ ਸਨ ਅਤੇ ਵੱਡੇ ਪੱਧਰ ’ਤੇ ਤਬਾਹੀ ਹੋਈ ਸੀ।
ਵਧੀਕ ਸਕੱਤਰ ਸੀ ਰਵੀਸ਼ੰਕਰ ਨੇ ਦੱਸਿਆ, ‘ਕੱਲ੍ਹ ਦੇਰ ਰਾਤ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ 9 ਲਾਸ਼ਾਂ ਬਰਾਮਦ ਕੀਤੀਆਂ ਸਨ ਅਤੇ ਅੱਜ ਸਵੇਰੇ ਮਲਬੇ ਵਿੱਚੋਂ ਦੋ ਹੋਰ ਲਾਸ਼ਾਂ ਮਿਲੀਆਂ ਹਨ।’ ਉਨ੍ਹਾਂ ਦੱਸਿਆ ਕਿ ਚਮੋਲੀ ਵਿੱਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਸਨ ਅਤੇ ਛੇ ਲੋਕ ਹਾਲੇ ਲਾਪਤਾ ਹਨ ਅਤੇ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਇਨ੍ਹਾਂ ਦੋ ਜ਼ਿਲ੍ਹਿਆਂ ਦੇ ਲਾਪਤਾ ਕੁੱਲ ਵਿਅਕਤੀਆਂ ਦੀ ਗਿਣਤੀ 15 ਹੈ। ਲਾਪਤਾ ਵਿਅਕਤੀਆਂ ਬਾਰੇ ਪਤਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਕੱਲ੍ਹ ਟਨਾਂ ਦੇ ਹਿਸਾਬ ਨਾਲ ਢਿੱਗਾਂ ਡਿੱਗੀਆਂ ਸਨ ਅਤੇ ਉਹ ਮਕਾਨਾਂ ਸਮੇਤ ਮਲਬੇ ਵਿੱਚ ਦੱਬੇ ਗਏ ਹਨ। ਐਨਡੀਆਰਐਫ, ਐਸਡੀਆਰਐਫ, ਐਸਐਸਬੀ, ਆਈਟੀਬੀਪੀ, ਡੀਐਮਐਮਸੀ ਅਤੇ ਪੁਲੀਸ ਮੁਲਾਜ਼ਮ ਜ਼ਿਲ੍ਹਾ ਮੈਜਿਸਟਰੇਟ ਤੇ ਐਸਪੀਜ਼ ਦੀ ਨਿਗਰਾਨੀ ਹੇਠ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ। ਉੱਤਰਾਖੰਡ ਦੇ ਗਵਰਨਰ ਕੇਕੇ ਪਾਲ ਨੇ ਅੱਜ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਹੋਈਆਂ ਮੌਤਾਂ ’ਤੇ ਚਿੰਤਾ ਤੇ ਦੁੱਖ ਜ਼ਾਹਿਰ ਕਰਦਿਆਂ ਪ੍ਰਮੁੱਖ ਸਕੱਤਰ ਤੋਂ ਰਾਹਤ ਤੇ ਬਚਾਅ ਕਾਰਜਾਂ ਬਾਰੇ ਵਿਸਤਾਰ ਵਿੱਚ ਰਿਪੋਰਟ ਮੰਗੀ ਹੈ। ਉਨ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਦਵਾਈਆਂ, ਖਾਧ ਪਦਾਰਥਾਂ, ਸਾਫ਼ ਪਾਣੀ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।
ਅਰੁਣਾਚਲ ਪ੍ਰਦੇਸ਼ ਦੇ ਜ਼ਿਲ੍ਹਾ ਪੱਛਮੀ ਕਾਮੇਂਗ ਵਿੱਚ ਭਾਲੂਕਪੋਂਗ ਵਿੱਚ ਅੱਜ ਸਵੇਰੇ ਪੰਜ ਹੋਰ ਲਾਸ਼ਾਂ ਮਿਲਣ ਬਾਅਦ ਢਿੱਗਾਂ ਹੇਠ ਦੱਬ ਕੇ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਐਸਪੀ ਏ. ਕੋਆਨ ਨੇ ਦੱਸਿਆ ਕਿ ਅੱਜ ਸਵੇਰੇ ਪਹੁ ਫੁੱਟਦਿਆਂ ਸਾਰ ਬਚਾਅ ਕਾਰਜ ਮੁੜ ਸ਼ੁਰੂ ਕੀਤੇ ਗਏ ਅਤੇ ਪੰਜ ਲਾਸ਼ਾਂ ਮਿਲੀਆਂ ਹਨ। ਅੱਜ ਮਲਬੇ ਵਿੱਚੋਂ ਪਿੰਕੀ ਬੋਰੋ (40), ਮਿਆਲੀ ਛੇਤਰੀ (40), ਨਿੱਕੀ ਬੋਰੋ (10), ਜੁਆਲਾ ਛੇਤਰੀ (10) ਅਤੇ 9 ਮਹੀਨਿਆਂ ਦੇ ਏਂਜਲ ਲੇਨੂਆ ਦੀਆਂ ਲਾਸ਼ਾਂ ਮਿਲੀਆਂ ਹਨ। ਕੱਲ੍ਹ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਕਾਰ ਪੰਜ ਜਣੇ ਮਾਰੇ ਗਏ ਸਨ ਅਤੇ ਚਾਰ ਜ਼ਖ਼ਮੀ ਹੋਏ ਸਨ। ਜ਼ਖ਼ਮੀ ਭਾਲੂਕਪੋਂਗ ਕਮਿਊਨਿਟੀ ਸਿਹਤ ਕੇਂਦਰ ਵਿੱਚ ਜ਼ੇਰੇ ਇਲਾਜ ਹਨ। ਐਨਡੀਆਰਐਫ ਟੀਮ, ਆਈਟੀਬੀਪੀ ਕਰਮੀਆਂ ਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਜਾਰੀ ਹਨ।     -ਪੀਟੀਆਈ

ਭਾਰੀ ਮੀਂਹ ਕਾਰਨ ਹੇਮਕੁੰਟ ਯਾਤਰੂਆਂ ਦੀ ਗਿਣਤੀ ਘਟੀ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ, ਪਿਥੌਰਾਗੜ੍ਹ ਤੇ ਚੰਪਾਵਤ ਵਿੱਚ ਭਾਰੀ ਮੀਂਹ ਪੈਣ ਅਤੇ ਅਗਲੇ ਦਿਨਾਂ ’ਚ ਹੋਰ ਮੀਂਹ ਪੈਣ ਦੀ ਸੰਭਾਵਨਾ ਨੂੰ ਦੇਖਦਿਆਂ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਘੱਟ ਗਈ ਹੈ ਪਰ ਮੀਂਹ ਦੇ ਬਾਵਜੂਦ ਯਾਤਰਾ ਅੱਜ ਵੀ ਜਾਰੀ ਰਹੀ  ਹੈ। ਚਮੋਲੀ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਨੰਦ ਪ੍ਰਯਾਗ ਇਲਾਕੇ ਕੋਲ ਹੜ੍ਹ ਆ ਗਿਆ ਸੀ, ਜਿਸ ਕਾਰਨ ਇਸ ਇਲਾਕੇ ਵਿੱਚੋੋਂ ਲੰਘਦੀ ਸੜਕ ਟੁੱਟ ਗਈ ਹੈ ਤੇ ਆਵਾਜਾਈ ਰੁਕ ਗਈ ਹੈ। ਇਸ ਨਾਲ ਹੇਮਕੁੰਟ ਯਾਤਰਾ ਦਾ ਰਸਤਾ ਪ੍ਰਭਾਵਿਤ ਹੋਇਆ ਹੈ ਪਰ ਇਸ ਦੇ ਬਾਵਜੂਦ ਸਿੱਖ ਯਾਤਰੂਆਂ  ਦੇ ਜਥੇ ਅੱਜ ਇਥੇ ਨੇੜੇ ਇਕ ਹੋਰ ਰਸਤੇ ਰਾਹੀ ਲੋਕੇਸ਼ਵਰ ਹੁੰਦੇ ਹੋਏ  ਗੋਬਿੰਦ ਘਾਟ ਵਾਸਤੇ ਰਵਾਨਾ ਹੋਏ। ਇਸ ਵੇਲੇ ਤਕਰੀਬਨ 5 ਹਜ਼ਾਰ ਸਿੱਖ ਯਾਤਰੂ ਗੁਰਦੁਆਰਾ ਗੋਬਿੰਦ ਘਾਟ ਅਤੇ ਜੋਸ਼ੀ ਮੱਠ ਵਿੱਚ ਰੁਕੇ ਹੋਏ ਹਨ। ਹੇਮਕੁੰਟ ਸਾਹਿਬ ਟਰੱਸਟ ਅਧੀਨ ਆਉਂਦੇ ਗੁਰਦੁਆਰਾ ਰਿਸ਼ੀਕੇਸ਼ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਯਾਤਰਾ ਜਾਰੀ ਹੈ ਪਰ ਯਾਤਰੂਆਂ ਦੀ ਗਿਣਤੀ ਘੱਟ ਗਈ ਹੈ। ਨੰਦ ਪ੍ਰਯਾਗ ਨੇੜੇ ਨੁਕਸਾਨੀ ਸੜਕ ਨੂੰ ਠੀਕ ਕਰਨ ਲਈ ਜੰਗੀ ਪੱਧਰ ’ਤੇ ਕੰਮ ਜਾਰੀ ਹੈ ਅਤੇ ਜਲਦੀ ਹੀ ਸੜਕ ਠੀਕ ਹੋਣ ਮਗਰੋਂ ਮੁੱਖ ਸੜਕ ’ਤੇ ਆਵਾਜਾਈ ਬਹਾਲ ਹੋ ਜਾਵੇਗੀ ਪਰ ਅੱਜ  ਯਾਤਰੂ ਹੋਰ ਮਾਰਗ ਰਾਹੀਂ ਹੇਮਕੁੰਟ ਯਾਤਰਾ ਵਾਸਤੇ ਗਏ ਹਨ। ਲਾਮਬਗੜ੍ਹ ਨੇੜੇ ਸੜਕ ਪ੍ਰਭਾਵਿਤ ਹੋਣ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਇਲਾਕਾ ਗੋਬਿੰਦ ਘਾਟ ਤੋਂ ਅਗਾਂਹ ਬਦਰੀਨਾਥ ਰਸਤੇ ਉਪਰ ਹੈ ਇਸ ਨਾਲ ਗੋਬਿੰਦ ਘਾਟ ਜਾਣ ਵਾਲੀ ਆਵਾਜਾਈ ’ਤੇ ਕੋਈ ਅਸਰ ਨਹੀਂ ਪਿਆ। ਗੋਬਿੰਦ ਘਾਟ ਪੁਲ ਨੂੰ ਨੁਕਸਾਨ ਪੁੱਜਣ ਵਾਲੀਆਂ ਖ਼ਬਰਾਂ ਨੂੰ ਗਲਤ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਨਵਾਂ ਬਣਾਇਆ ਪੁਲ ਬਿਲਕੁਲ ਠੀਕ-ਠਾਕ ਹੈ। ਹੇਮਕੁੰਟ ਯਾਤਰੂਆਂ ਦੀ ਗਿਣਤੀ ਘਟਣ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਹੋ ਰਹੇ ਗਲਤ ਪ੍ਰਚਾਰ ਕਾਰਨ ਯਾਤਰੂਆਂ ਦੀ ਗਿਣਤੀ ਘਟੀ ਹੈ। ਪਹਿਲਾਂ ਰੋਜ਼ਾਨਾ ਪੰਜ ਤੋਂ ਸੱਤ ਹਜ਼ਾਰ ਤਕ ਯਾਤਰੂਆਂ ਦੀ ਆਮਦ ਹੁੰਦੀ ਸੀ ਪਰ ਹੁਣ ਇਹ ਗਿਣਤੀ ਸਿਰਫ਼ 1500 ਤੋਂ 1800 ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਲਗਪਗ ਸਵਾ ਲੱਖ  ਯਾਤਰੂ ਆ ਚੁੱਕੇ ਹਨ। ਇਹ ਯਾਤਰਾ 25 ਮਈ ਨੂੰ ਸ਼ੁਰੂ ਹੋਈ ਸੀ ਅਤੇ ਸਤੰਬਰ ਮਹੀਨੇ ਤਕ ਜਾਰੀ ਰਹੇਗੀ।