ਨਵੀਂ ਦਿੱਲੀ/ਪਠਾਨਕੋਟ (ਵਿਸ਼ੇਸ਼) : ਪਠਾਨਕੋਟ ਏਅਰਬੇਸ ‘ਤੇ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕਰਕੇ ਪੂਰੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਪਰ ਇਸ ਹਮਲੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇੰਨੇ ਅਸਲੇ ਸਮੇਤ ਆਖਰ ਅੱਤਵਾਦੀ ਪੰਜਾਬ ‘ਚ ਦਾਖਲ ਕਿਵੇਂ ਹੋ ਗਏ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕੁਝ ਪਾਕਿਸਤਾਨੀ ਅੱਤਵਾਦੀਆਂ ਦੀ ਸਥਾਨਕ ਦਵਾਈ ਵਿਕਰੇਤਾਵਾਂ ਨਾਲ ਮਿਲੀਭੁਗਤ ਹੈ, ਜਿਨਾਂ ਨੂੰ ਉੱਤਰ ਭਾਰਤੀ ਅਧਿਕਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਇਸੇ ਕਾਰਨ ਸੁਰੱਖਿਆ ਏਜੰਸੀਆਂ ਦਾ ਸ਼ੱਕ ਡੂੰਘਾ ਹੁੰਦਾ ਜਾ ਰਿਹਾ ਹੈ ਕਿ ਡਰੱਗ ਸਮੱਗਲਰਾਂ ਦੀ ਮਦਦ ਨਾਲ ਹੀ ਪਠਾਨਕੋਟ ਦੀ ਤਬਾਹੀ ਦਾ ਸਮਾਨ ਭਾਰਤ ਆ ਸਕਿਆ।
ਪਠਾਨਕੋਟ ‘ਚ 4 ਦਿਨ ਤਕ ਚੱਲੀ ਮੁਹਿੰਮ ਮਗਰੋਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਪਰ ਅੱਤਵਾਦੀਆਂ ਦੀ ਘੁਸਪੈਠ ਵਿਚ ਕਿਸ ਨੇ ਮਦਦ ਕੀਤੀ, ਗੋਲਾ-ਬਾਰੂਦ ਪਠਾਨਕੋਟ ਤੱਕ ਕਿਵੇਂ ਪਹੁੰਚਿਆ। ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਲੱਭਣ ਵਿਚ ਸੁਰੱਖਿਆ ਏਜੰਸੀਆਂ ਲੱਗੀਆਂ ਹੋਈਆਂ ਹਨ। ਸੂਤਰਾਂ ਅਨੁਸਾਰ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਬੀ. ਐੱਸ. ਐੱਫ. ਦੇ ਕੁਝ ਅਧਿਕਾਰੀਆਂ ਦੀ ਮਦਦ ਨਾਲ ਪੰਜਾਬ ਵਿਚ ਡਰੱਗ ਸਮੱਗਲਿੰਗ ਦਾ ਕਾਰੋਬਾਰ ਵਧ-ਫੁਲ ਰਿਹਾ ਹੈ।
ਦੂਸਰੇ ਪਾਸੇ ਪਾਕਿਸਤਾਨ ਅਤੇ ਭਾਰਤ ਵਿਚ ਆਉਣ-ਜਾਣ ਲਈ ਅੱਤਵਾਦੀ ਸੰਗਠਨਾਂ ਨਾਲ ਡਰੱਗ ਮਾਫੀਆ ਨੇ ਗੱਢ-ਤੁੱਪ ਕੀਤੀ ਹੋਈ ਹੈ। ਉਚ ਪੱਧਰੀ ਸੂਤਰਾਂ ਅਨੁਸਾਰ ਪਾਕਿਸਤਾਨੀ ਅੱਤਵਾਦੀਆਂ ਵਲੋਂ ਵਰਤੇ ਹਥਿਆਰ ਤੇ ਗੋਲਾ-ਬਾਰੂਦ ਦਵਾਈਆਂ ਦੀ ਖੇਪ ਦੇ ਨਾਲ ਲੁਕੋ ਕੇ ਹੀ ਭਾਰਤ ਪਹੁੰਚਾਇਆ ਗਿਆ। ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਵੀ ਮੰਗਲਵਾਰ ਨੂੰ ਇਹ ਮੰਨਿਆ ਸੀ ਕਿ 24 ਕਿਲੋਮੀਟਰ ਦੇ ਕੰਡਿਆਲੇ ਖੇਤਰ ਵਿਚ ਹਥਿਆਰਾਂ ਦੀ ਖੇਪ ਬਿਨਾਂ ਕਿਸੇ ਦੀ ਸਥਾਨਕ ਮਦਦ ਦੇ ਏਅਰਬੇਸ ਤਕ ਪਹੁੰਚ ਸਕਣਾ ਸੰਭਵ ਨਹੀਂ ਹੈ। ਇਹੀ ਕਾਰਨ ਹੈ ਕਿ ਹੁਣ ਐੱਨ. ਆਈ. ਏ. ਦੀ ਰਾਡਾਰ ‘ਤੇ ਬੀ. ਐੱਸ. ਐੱਫ. ਨਾਲ ਕੁਝ ਸਥਾਨਕ ਪੁਲਸ ਵੀ ਆ ਗਈ ਹੈ।
ਪਠਾਨਕੋਟ ਹਮਲਾ : ਸਿਵਲ ਹਸਪਤਾਲ ਪੁੱਜੀਆਂ ਅੱਤਵਾਦੀਆਂ ਦੀਆਂ ਲਾਸ਼ਾਂ, ਅੱਜ ਹੋਵੇਗਾ ਪੋਸਟਮਾਰਟਮ (ਵੀਡੀਓ)
ਪਠਾਨਕੋਟ : ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਹਮਲੇ ਦੌਰਾਨ ਫੌਜ ਵਲੋਂ ਢੇਰ ਕੀਤੇ ਗਏ 6 ਅੱਤਵਾਦੀਆਂ ‘ਚੋਂ 4 ਦੀਆਂ ਲਾਸ਼ਾਂ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ ਗਈਆਂ ਹਨ। ਅੱਤਵਾਦੀਆਂ ਦੇ ਪੂਰੇ ਸਰੀਰ ਦੀ ਸਕੈਨ ਹੋਣ ਤੋਂ ਬਾਅਦ ਹੀ ਉਨ੍ਹਾਂ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਇਸ ਦੇ ਲਈ 4 ਡਾਕਟਰਾਂ ਦੀ ਟੀਮ ਬਣਾਈ ਗਈ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਪੋਸਟਮਾਰਟਮ ਨੂੰ 6 ਘੰਟੇ ਤੱਕ ਦਾ ਸਮਾਂ ਲੱਗੇਗਾ। ਜਿੱਥੇ ਅੱਤਵਾਦੀਆਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਹਨ, ਉੱਥੇ ਕਿਸੇ ਨੂੰ ਵੀ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ। ਪੁਲਸ ਨੇ ਸਿਵਲ ਹਸਪਤਾਲ ਦੇ ਚਾਰੋ ਪਾਸੇ ਰਾਤ ਤੋਂ ਹੀ ਚੌਕਸੀ ਵਧਾ ਦਿੱਤੀ ਹੈ।
ਇਸ ਸੰਬੰਧੀ ਗੱਲ ਕਰਦੇ ਹੋਏ ਐੱਸ. ਐੱਮ. ਓ. ਪਠਾਨਕੋਟ ਨੇ ਕਿਹਾ ਕਿ ਸਾਡੀ ਚਾਰ ਡਾਕਟਰਾਂ ਦੀ ਟੀਮ ਡੀ. ਐੱਚ. ਓ. ਤਰਸੇਮ ਸਿੰਘ ਦੀ ਪ੍ਰਧਾਨਗੀ ‘ਚ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਅੱਤਵਾਦੀਆਂ ਦੇ ਪੂਰੇ ਸਰੀਰ ਦੀ ਸਕੈਨ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਕਿੱਥੇ-ਕਿੱਥੇ ਗੋਲੀਆਂ ਲੱਗੀਆਂ ਹਨ ਅਤੇ ਇਸ ਤੋਂ ਬਾਅਦ ਹੀ ਪੋਸਟ ਮਾਰਟਮ ਕੀਤਾ ਜਾਵੇਗਾ।